ਸੰਤ ਪਰੰਪਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤ ਪਰੰਪਰਾ : ਵਿਚ ਮੱਧਯੁਗ ਦੀਆਂ ਉਹ ਸ਼ਰਧਾਲੂ ਅਤੇ ਏਕੇਸ਼ਵਰਵਾਦੀ ਸ਼ਖਸੀਅਤਾਂ ਆਉਂਦੀਆਂ ਹਨ ਜਿਹੜੀਆਂ ਭਾਰਤੀ ਸਮਾਜ ਦੀਆਂ ਵੱਖਰੀਆਂ-ਵੱਖਰੀਆਂ ਪਰਤਾਂ ਨਾਲ ਸੰਬੰਧਿਤ ਸਨ ਅਤੇ ਸੰਪਰਦਾਇਕਤਾ ਤੋਂ ਪਰ੍ਹਾਂ, ਸ਼ਾਂਤ ਸੁਭਾਅ ਵਾਲੀਆਂ , ਬ੍ਰਾਹਮਣੀ ਕਰਮਕਾਂਡਾਂ ਦੀਆਂ ਵਿਰੋਧੀ, ਸੰਸਾਰ ਦੇ ਪ੍ਰਪੰਚਾਂ ਤੋਂ ਅੱਕੀਆਂ ਹੋਈਆਂ ਪਰ ਨਾਲ ਹੀ ਨਾਲ ਸਮਾਜ ਵਿਚ ਅਤਿਆਚਾਰੀ ਢੰਗ ਦੇ ਕੁਝ ਵਿਸ਼ੇਸ਼ ਤੱਤਾਂ ਵਲੋਂ ਫ਼ੈਲਾਏ ਗਏ ਵਿਤਕਰਿਆਂ ਬਾਰੇ ਡੂੰਘੇ ਤੌਰ ਤੇ ਚੇਤੰਨ ਵੀ ਸਨ ਅਤੇ ਉਹਨਾਂ ਦੀਆਂ ਆਲੋਚਕ ਵੀ ਸਨ। ਸਧਾਰਨ ਸ਼ਬਦਾਂ ਵਿਚ ਇਹਨਾਂ ਰਹੱਸਵਾਦੀ ਸ਼ਖਸੀਅਤਾਂ ਨੂੰ ਨਿਰਗੁਣ ਭਗਤ ਅਥਵਾ ਹੋਰ ਵੀ ਸਧਾਰਨ ਤੌਰ ਤੇ ਸੰਤਾਂ ਵਜੋਂ ਜਾਣਿਆ ਜਾਂਦਾ ਹੈ।

    ਸ਼ਬਦ ਸੰਤ ਦਾ ਸੰਸਕ੍ਰਿਤ ਰੂਪ ਸ਼ਮ ਧਾਤੂ ਵਿਚ ਸਥਿਤ ਹੈ ਜਿਸਦਾ ਅਰਥ ਹੈ ਸੰਤੁਸ਼ਟ ਹੋਣਾ ਜਾਂ ਸ਼ਾਂਤ ਹੋ ਜਾਣਾ। ਕਦੇ ਕਦੇ ਇਸ ਪਰੰਪਰਾ ਨੂੰ ਸਿੱਧੇ ਤੌਰ ਤੇ ਵੈਦਿਕ ਅਤੇ ਉਪਨਿਸ਼ਦਿਕ ਚਿੰਤਨ ਨਾਲ ਜੋੜਿਆ ਜਾਂਦਾ ਹੈ ਪਰੰਤੂ ਅਕਸਰ ਇਸਨੂੰ ਸਹਜਯਾਨ ਤੋਂ ਪ੍ਰਭਾਵਿਤ ਸਵੀਕਾਰ ਕੀਤਾ ਜਾਂਦਾ ਹੈ; ਸਹਜਯਾਨ ਬੁੱਧ ਧਰਮ ਦੀ ਇਕ ਸ਼ਾਖਾ ਹੈ। ਆਮ ਤੌਰ ਤੇ ਸੰਤ ਪਰੰਪਰਾ ਦੇ ਅਭਿਆਸਾਂ ਨੂੰ ਹਠਯੋਗਿਕ ਮੰਨਿਆ ਜਾਂਦਾ ਹੈ। ਸਿੱਖ ਧਰਮ ਇਸ ਪਰੰਪਰਾ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਇਕ ਅਜਿਹਾ ਅਪਵਾਦ ਹੈ ਜਿਸ ਵਿਚ ਹਠਯੋਗ ਰਾਹੀਂ ਸਰੀਰ ਨੂੰ ਤਕਲੀਫ਼ਾਂ ਵਿਚ ਪਾਉਣ ਦੇ ਸਾਰੇ ਢੰਗਾਂ ਨੂੰ ਤਿਆਗਿਆ ਹੋਇਆ ਹੈ। ਮੁੱਢਲੇ ਸਮੇਂ ਵਿਚ ਸੰਤ ਸ਼ਬਦ ਦੇ ਦੋ ਪ੍ਰਮੁੱਖ ਅਰਥ ਸਨ। ਇਕ ਪਾਸੇ ਤਾਂ ਇਹ ਸ਼ਬਦ ਵਿਸ਼ਨੂੰ ਦੇ ਸ਼ਰਧਾਲੂ ਵੈਸ਼ਨਵ ਭਗਤਾਂ ਦੇ ਸਰਗੁਣਵਾਦੀ ਸਮੂਹਾਂ ਲਈ ਵਰਤਿਆ ਜਾਂਦਾ ਸੀ ਪਰੰਤੂ ਦੂਸਰੇ ਪਾਸੇ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ , ਰਵਿਦਾਸ, ਕਬੀਰ , ਦਾਦੂ, ਪਲਟੂ ਆਦਿ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਹੜੀਆਂ ਅਤਿ ਭਾਵੁਕਤਾਵਾਦ ਦੇ ਪ੍ਰਭਾਵ ਹੇਠ ਆਪਣਾ ਰਾਹ ਨਹੀਂ ਖੁੰਝਦੀਆਂ ਅਤੇ ਇਹ ਆਪਣੇ ਉਦਾਰਵਾਦੀ ਦ੍ਰਿਸ਼ਟੀਕੋਣ, ਮਨੁੱਖਤਾਵਾਦੀ ਚਿੰਤਨ ਅਤੇ ਇਸ ਲਈ ਸ਼ੁੱਧ ਆਚਰਨ ਦੀ ਸ਼ੁੱਧ ਨੈਤਿਕ ਮਰਯਾਦਾ ਦੇ ਪ੍ਰਚਾਰਨ ਤੇ ਪ੍ਰਸਾਰਨ ਦੇ ਕੰਮ ਨੂੰ ਕਦੀ ਵੀ ਨਹੀਂ ਭੁਲਦੇ। ਇਸ ਪਰੰਪਰਾ ਦਾ ਵਿਸ਼ਾਲ ਸਾਹਿਤ ਇਕ ਵਿਸ਼ੇਸ਼ ਗਤੀਸ਼ੀਲ ਸ਼ਕਤੀਵਾਲਾ ਹੈ ਅਤੇ ਇਸ ਵਿਚ ਨਿਰਭੈਤਾ ਅਤੇ ਸਪੱਸ਼ਟਵਾਦਿਤਾ ਦੀ ਚੁਣੌਤੀ ਹੈ।

    ਇਹ ਤੱਥ ਧਿਆਨ ਦੇਣ ਯੋਗ ਹੈ ਕਿ ਸੰਤ ਸ਼ਬਦ ਨੂੰ ਆਮ ਤੌਰ ਤੇ ਭਗਤ ਨਾਲੋਂ ਇਹ ਕਹਿ ਕੇ ਵਖਰਾਇਆ ਜਾਂਦਾ ਹੈ ਕਿ ਸੰਤ ਨਿਰਗੁਣਵਾਦੀ ਹਨ ਭਗਤ ਸਰਗੁਣਵਾਦੀ ਹਨ। ਮਰਾਠੀ ਸਾਹਿਤ ਵਿਚ ਗੁਣਾਂ ਵਾਲੇ ਪਰਮਾਤਮਾ ਦੇ ਪੂਜਕ ਅਤੇ ਨਿਰਗੁਣ ਪਰਮਾਤਮਾ ਤੇ ਧਿਆਨ ਧਰਨ ਵਾਲੇ ਵਿਅਕਤੀਆਂ ਵਿਚੋਂ ਪਹਿਲਿਆਂ ਨੂੰ ਭਗਤ ਅਤੇ ਬਾਅਦ ਵਾਲਿਆਂ ਨੂੰ ਸੰਤ ਕਿਹਾ ਜਾਂਦਾ ਹੈ। ਇਹਨਾਂ ਦੇ ਵਿਚਾਰਾਂ ਵਿਚ ਵੀ ਤਿੱਖਾ ਵਿਰੋਧ ਹੈ। ਭਗਤਾਂ ਦੇ ਸਾਹਿਤ ਵਿਚ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਦੇ ਅਵਤਾਰਾਂ ਪ੍ਰਤੀ ਗਰਮਜੋਸ਼ੀ ਦੀਆਂ ਭਾਵਨਾਵਾਂ ਪੂਰੀ ਤਰ੍ਹਾਂ ਭਰੀਆਂ ਪਈਆਂ ਹਨ ਪਰੰਤੂ ਨਿਰਗੁਣ ਸਾਹਿਤ ਵਿਚ ਸੰਤ ਇਸ ਸਿਧਾਂਤ ਦਾ ਵਿਰੋਧ ਕਰਦੇ ਦਿਖਾਈ ਦਿੰਦੇ ਹਨ।ਉਹ ਆਪਣੇ ਆਪ ਨੂੰ ਨਰਕ ਅਤੇ ਸਵਰਗ ਦੀਆਂ ਪਹੇਲੀਆਂ ਵਿਚ ਨਹੀਂ ਉਲਝਾਉਂਦੇ ਅਤੇ ਉਹਨਾਂ ਦੀ ਅਰਾਧਨਾ ਅਨੁਭਵ ਉੱਤੇ ਆਧਾਰਿਤ ਹੈ, ਸ਼ਾਸਤਰਾਂ ਉੱਤੇ ਆਧਾਰਿਤ ਨਹੀਂ। ਸੰਤ-ਜਨ ਖੋਖਲੇ ਸਿਧਾਂਤਾਂ ਅਤੇ ਵੱਡੇ ਵੱਡੇ ਕਥਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਇਹ ਚੌਦ੍ਹਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਦੇ ਸਮੇਂ ਵਿਚ ਪੂਰੇ ਉੱਤਰ ਭਾਰਤ ਅਤੇ ਦੱਖਣ ਦੇ ਕੁਝ ਹਿੱਸਿਆਂ ਵਿਚ ਫ਼ੈਲੇ ਹੋਏ ਸਨ। ਇਸ ਪਰੰਪਰਾ ਦੇ ਵਿਚ ਵੀ ਸੰਤ ਸ਼ਬਦ ਸਾਧ ਅਤੇ ਸਾਧੂ ਦੇ ਸਮਾਨਾਰਥੀ ਦੇ ਤੌਰ ਤੇ ਵਰਤਿਆ ਗਿਆ ਹੈ; ਸਾਧ ਦਾ ਅਰਥ ਅੰਤਿਮ ਅਨੁਭੂਤੀ ਦੀ ਪੂਰਨਤਾ ਪ੍ਰਾਪਤ ਕਰ ਲੈਣ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ। ਮੱਧ ਯੁਗ ਦੇ ਭਾਰਤ ਦੀ ਸੰਤ ਪਰੰਪਰਾ ਸ਼੍ਰਮਣ ਪਰੰਪਰਾ ਦੇ ਉਲਟ ਈਸ਼ਵਰਵਾਦੀ ਅਤੇ ਸ਼ਰਧਾਵਾਦੀ ਪਰੰਪਰਾ ਹੈ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਪਰੰਪਰਾ ਨੇ ਪ੍ਰਾਚੀਨ ਮੁਨੀਆਂ ਅਤੇ ਸ਼੍ਰਮਣਾਂ ਦੁਆਰਾ ਗ਼ੈਰ ਬ੍ਰਾਹਮਣੀ ਮੂਲ ਦੇ ਆਦਰਸ਼ਾਂ, ਸਮਾਜਿਕ ਵਿਚਾਰਾਂ ਅਤੇ ਨੈਤਿਕ ਚਿੰਤਨ ਨੂੰ ਅੱਗੇ ਵਧਾਇਆ ਹੈ। ਇਸ ਮੱਧਯੁਗ ਵਿਚ ਵਿਅਕਤੀਗਤ ਪਰਮਾਤਮਾ ਉੱਤੇ ਜ਼ੋਰ ਦੇਣ ਦਾ ਰੁਝਾਨ ਭਾਰਤੀ ਧਰਮਾਂ ਦੀ ਉਸ ਰੁਚੀ ਵਿਚ ਖੁਭਿਆ ਹੋਇਆ ਹੈ ਜਿਹੜੀ ਉਪਨਿਸ਼ਦਾਂ ਦੇ ਵਿਚ ਪ੍ਰਮੁਖ ਸੀ ਅਤੇ ਕੁਦਰਤ ਵਿਚ ਉਸ ਦਿੱਬਤਾ ਨੂੰ ਵੇਖਣ ਵਿਚ ਅਤੇ ਉਸੇ ਨੂੰ ਹੋਰ ਅੱਗੇ ਵਧਾ ਕੇ ਵਿਅਕਤੀ ਵਿਚ ਵੇਖਣ ਲਈ ਯਤਨਸ਼ੀਲ ਰਹੀ ਸੀ। ਸਾਨੂੰ ਇਹ ਵੀ ਧਿਆਨ ਰਖਣਾ ਚਾਹੀਦਾ ਹੈ ਕਿ ਵੈਸ਼ਨਵ ਧਰਮ ਅਤੇ ਕੁਝ ਹੋਰ ਸੰਪਰਦਾਵਾਂ ਜਿਸ ਵਿਚ ਪਰਮਾਤਮਾ ਨੂੰ ਵਿਅਕਤੀਗਤ ਰੂਪ ਵਿਚ ਆਤਮਸਾਤ ਕੀਤਾ ਜਾਂਦਾ ਸੀ ਅਤੇ ਜਿਹੜੇ ਉਸ ਦੀ ਮਾਨਵੀ ਆਕਾਰਾਂ ਵਿਚ ਅਰਾਧਨਾ ਕਰਦੇ ਸੀ ਉਹਨਾਂ ਦੇ ਵਿਚਾਰਾਂ ਨੂੰ ਉਪਨਿਸ਼ਦਾਂ ਵਿਚ ਸਰਵੇਸ਼ਵਰਵਾਦ ਦੀ ਰੁਚੀ ਨੂੰ ਪ੍ਰਧਾਨ ਬਣਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਉਸ ਦਿੱਬ ਪਰਮਾਤਮਾ ਦੀ ਸਾਰਿਆਂ ਨਾਲ ਇਕਰੂਪਤਾ ਉਤੇ ਜ਼ੋਰ ਦਿੱਤਾ ਗਿਆ ਸੀ। ਅਨੇਕਾਂ ਸੰਪਰਦਾਵਾਂ ਦੇ ਵਿਕਾਸ ਅਤੇ ਉਹਨਾਂ ਦੇ ਫ਼ਲਸਰੂਪ ਇਕ ਪਾਸੇ ਪਰਮਾਤਮਾ ਨੂੰ ਵਿਅਕਤੀਗਤ ਸਮਝਣ ਵੱਲ ਤੋਰੇ ਗਏ ਅਤੇ ਦੂਜੇ ਪਾਸੇ ਪ੍ਰਾਚੀਨ ਭਾਰਤੀ ਦਰਸ਼ਨ ਦੀ ਅਦਵੈਤਵਾਦੀ ਧਾਰਨਾ ਨੂੰ ਸਵੀਕਾਰ ਕਰਨ ਵਾਲੇ ਭਾਰਤ ਦੇ ਲੋਕ ਮੁਨੀਆਂ ਅਤੇ ਸ਼੍ਰਮਣਾਂ ਦੀ ਪ੍ਰਾਚੀਨ ਪਰੰਪਰਾ ਵੱਲ ਝੁਕੇ ਰਹੇ ਅਤੇ ਯੋਗ ਅਭਿਆਸ ਕਰਨ ਵਾਲੇ ਸੰਪਰਦਾਵਾਂ, ਘੁਮੱਕੜ ਸੰਤਾਂ ਅਤੇ ਯੋਗੀਆਂ ਦੇ ਸਮੂਹਾਂ ਵਿਚ ਵੰਡੇ ਗਏ ਜਿਨ੍ਹਾਂ ਦੀਆਂ ਅਧਿਆਤਮਿਕ ਅਨੁਭੂਤੀਆਂ ਨੂੰ ਪ੍ਰਾਪਤ ਕਰਨ ਦੀਆਂ ਵਿਧੀਆਂ ਅਤੇ ਮਾਤਰਾਵਾਂ ਵੀ ਵੱਖਰੀਆਂ ਵੱਖਰੀਆਂ ਸਨ। ਮਹਾਂਯਾਨ ਬੁੱਧ ਧਰਮ ਅਤੇ ਖਾਸ ਕਰਕੇ ਉਸ ਦੇ ਗੁਹਝ ਪ੍ਰਕਾਰ ਦੇ ਪ੍ਰਭਾਵ ਭਾਰਤ ਵਿਚ ਬੁੱਧ ਸੰਘ ਦੇ ਅਲੋਪ ਹੋ ਜਾਣ ਦੇ ਲੰਮੇ ਸਮੇਂ ਬਾਅਦ ਤਕ ਵੀ ਲੋਕਾਂ ਤੇ ਪਏ ਰਹੇ। ਇਸ ਤੋਂ ਬਾਅਦ ਬੋਧੀਆਂ ਦੀ ਭਿਖਸ਼ੂ ਸੰਸਥਾ ਅਤੇ ਅਨੇਕਾਂ ਨੈਤਿਕ ਸਿਧਾਂਤ ਅਠਵੀਂ ਸਦੀ ਤੋਂ ਬਾਅਦ ਹਿੰਦੂ ਧਰਮ ਵਿਚ ਨਵੇਂ ਰੂਪ ਵਿਚ ਪ੍ਰਵੇਸ਼ ਕਰ ਗਏ ਸਨ।

      ਇਸ ਵਾਤਾਵਰਣ ਵਿਚ ਸੰਤ ਪਰੰਪਰਾ ਸਪਸ਼ਟ ਰੂਪ ਵਿਚ ਚਾਰ ਮੁੱਖ ਵਿਰੋਧੀ ਸੁਰ ਵਾਲੀਆਂ ਲਹਿਰਾਂ ਦਾ ਇਕੱਠ ਬਣ ਗਿਆ ਜਿਸ ਵਿਚ ਸਿੱਧਾਂ ਦੇ ਮਹਾਯਾਨਵਾਦ, ਵੈਸ਼ਨਵ ਭਗਤੀ , ਨਾਥ ਯੋਗੀਆਂ ਦੇ ਹਠਯੋਗ ਅਤੇ ਥੋੜ੍ਹਾ ਜਿਹਾ ਸੂਫੀਵਾਦ ਦਾ ਪ੍ਰਭਾਵ ਸੀ। ਸੰਤ ਪਰੰਪਰਾ ਵਿਚ ਪਾਈਆਂ ਜਾਂਦੀਆ ਅਵੈਦਿਕ ਤੰਦਾਂ ਬੁੱਧ ਧਰਮ ਦੀ ਵਿਰਾਸਤ ਵਜੋਂ ਸਨ ਅਤੇ ਸਿੱਧਾਂ ਦੇ ਬੁੱਧਮਤ ਦੇ ਅਨੇਕਾਂ ਸ਼ਬਦ ਅਤੇ ਧਾਰਨਾਵਾਂ ਸੰਤਾਂ ਦੀਆਂ ਰਚਨਾਵਾਂ ਵਿਚ ਸਦੀਵੀ ਰੂਪ ਵਿਚ ਘਰ ਕਰ ਗਈਆਂ ਸਨ। ਕਈ ਅਰਥਾਂ ਵਿਚ ਸੰਤ ਪ੍ਰੰਪਰਿਕ ਵੈਸ਼ਨਵ ਭਗਤੀ ਨੂੰ ਵੀ ਅਸਵੀਕਾਰ ਕਰਦੇ ਸਨ ਅਤੇ ਇਹ ਮਤਭੇਦ ਮੂਲਭੂਤ ਸਨ ਜਿਵੇਂ ਕਿ ਸੰਤਾਂ ਦੁਆਰਾ ਉਸ ਅਵਤਾਰਵਾਦ ਨੂੰ ਰੱਦ ਕਰਨਾ ਜਿਹੜਾ ਸਾਰੇ ਵੈਸ਼ਨਵ ਭਗਤਾਂ ਨੇ ਸਵੀਕਾਰ ਕੀਤਾ ਹੋਇਆ ਸੀ। ਸੰਤਾਂ ਦੀ ਭਗਤੀ ਦਾ ਉਦੇਸ਼ ਇਕ ਅਜਿਹਾ ਅਦ੍ਰਿਸ਼ਟ ਤੱਥ ਸੀ ਜਿਸਨੂੰ ਆਪਣੀ ਅੰਤਰ ਆਤਮਾ ਵਿਚ ਹੀ ਅਨੁਭਵ ਕੀਤਾ ਜਾਣਾ ਸੀ ਅਤੇ ਇਹ ਮੱਧਯੁਗੀ ਉੱਤਰ-ਭਾਰਤ ਦੇ ਲੋਕਾਂ ਲਈ ਇਕ ਨਵਾਂ ਹੀ ਅਨੁਭਵ ਸੀ ਕਿਉਂਕਿ ਉਹ ਸੁਭਾਵਿਕ ਤੌਰ ਤੇ ਹੀ ਕੋਈ ਨ ਕੋਈ ਮਾਨਵ ਆਕਾਰੀ ਅਤੇ ਮਾਨਵ ਗੁਣਾਂ ਵਾਲੇ ਦੇਵਤੇ ਜਾਂ ਦੇਵੀਆਂ ਦੀ ਪੂਜਾ ਅਰਚਨਾ ਕਰਦੇ ਰਹੇ ਸਨ। ਸੰਤਾਂ ਦੀ ਭਗਤੀ ਨੂੰ ਆਮ ਤੌਰ ਤੇ ਵੈਸ਼ਨਵ ਭਗਤੀ ਹੀ ਕਿਹਾ ਜਾਂਦਾ ਸੀ ਪਰੰਤੂ ਇਸ ਭਗਤੀ ਵਿਚ ਕਬੀਰ, ਰਵਿਦਾਸ, ਰੱਜਬ ਆਦਿ ਵਲੋਂ ਅਦਵੈਤਵਾਦੀ ਅਤੇ ਨਿਸ਼ਚਿਤ ਤੌਰ ਤੇ ਮੂਰਤੀ ਪੂਜਾ ਦੇ ਵਿਪਰੀਤ ਵਿਚਾਰਧਾਰਾ ਨੂੰ ਲੋਕਾਂ ਵਿਚ ਭਰਿਆ ਗਿਆ ਸੀ। ਉਹਨਾਂ ਸਮਿਆਂ ਵਿਚ ਰਾਮ ਅਤੇ ਕ੍ਰਿਸ਼ਨ ਦੀ ਮੂਰਤੀ ਪੂਜਾ ਦੇ ਹਰ ਰੂਪ ਨੂੰ ਸੰਤਾਂ ਨੇ ਅਸਵੀਕਾਰ ਕਰ ਦਿੱਤਾ ਸੀ। ਇਹ ਸੱਚ ਹੈ ਕਿ ਪਰਮਾਤਮਾ ਬਾਰੇ ਕਥਾ ਕਰਦੇ ਸਮੇਂ ਸੰਤ ਜਨ ਨਿਰਗੁਣ ਸ਼ਬਦ ਦਾ ਪ੍ਰਯੋਗ ਕਰਦੇ ਸਨ ਪਰੰਤੂ ਇਹ ਸ਼ਬਦ ਪਰਮਾਤਮਾ ਦੇ ਸਰਗੁਣ ਅਵਤਾਰਾਂ ਦੀ ਧਾਰਨਾ ਦੇ ਵਿਰੋਧ ਵਿਚ ਜਿਆਦਾ ਪ੍ਰਯੋਗ ਵਿਚ ਲਿਆਂਦਾ ਗਿਆ ਹੈ ਅਤੇ ਸ਼ੰਕਰਾਚਾਰਯ ਦੀ ਅਦਵੈਤ ਵੇਦਾਂਤ ਦੀ ਤੱਤ-ਮੀਮਾਂਸਾ ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਤੋਂ ਅੱਗੇ ਪਰਮਾਤਮਾ ਪ੍ਰਤੀ ਉਹਨਾਂ ਦੇ ਪ੍ਰੇਮ ਦਾ ਪ੍ਰਗਟਾਵਾ ਆਪਣੀ ਅੰਦਰੂਨੀ ਸਾਧਨਾ ਅਤੇ ਭਗਤੀ ਰਾਹੀਂ ਹੁੰਦਾ ਰਿਹਾ ਹੈ ਅਤੇ ਇਹ ਭਗਤੀ ਇਕ ਅਜਿਹੀ ਵਿਧੀ ਸੀ ਜਿਸ ਵਿਚ ਇੰਦਰੀਆਂ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ ਲਈ ਵਿਸ਼ੇਸ਼ ਸੰਜਮਾਂ ਦਾ ਪਾਲਣ ਕਰਨਾ ਜ਼ਰੂਰੀ ਸੀ; ਇਹ ਪ੍ਰੰਪਰਿਕ ਭਗਤੀ ਦਾ ਸੌਖਾ ਰਾਹ ਨਹੀਂ ਸੀ।

    ਇਸ ਲਹਿਰ ਦੇ ਮੁੱਢਲੇ ਸਮੇਂ ਵਿਚ ਨਾਥ ਸੰਪਰਦਾਇ ਦਾ ਪ੍ਰਭਾਵ ਵੀ ਗੈਰਹਾਜ਼ਰ ਨਹੀਂ ਸੀ ਪਰੰਤੂ ਇਹ ਪ੍ਰਭਾਵ ਇਤਨਾ ਪ੍ਰਮੁੱਖ ਰੂਪ ਵਿਚ ਵੀ ਨਹੀਂ ਸੀ ਅਤੇ ਕੁਝ ਮਾਮਲਿਆਂ ਵਿਚ ਇਹ ਪ੍ਰਭਾਵ ਬਹੁਤ ਬਾਅਦ ਵਿਚ ਆ ਕੇ ਸੰਤ ਪਰੰਪਰਾ ਵਿਚ ਜੁੜਿਆ। ਕਬੀਰ ਦੇ ਸਮੇਂ ਤਕ ਅਜਿਹਾ ਨਹੀਂ ਸੀ ਕਿ ਨਾਥ ਧਾਰਨਾਵਾਂ ਕਿਸੇ ਵਿਸ਼ੇਸ਼ ਰੂਪ ਵਿਚ ਸਾਮ੍ਹਣੇ ਆਈਆਂ ਹੋਣ। ਕਬੀਰ ਦੇ ਚਿੰਤਨ ਵਿਚ ਸਿੱਧ ਅਤੇ ਨਾਥ ਪ੍ਰਭਾਵ ਉਭਰਦਾ ਵਿਖਾਈ ਦਿੰਦਾ ਹੈ ਅਤੇ ਨਾਲ ਹੀ ਬਾਹਰੀ ਕਰਮਕਾਂਡਾਂ, ਰੀਤੀ-ਰਿਵਾਜਾਂ, ਜਾਤ-ਪਾਤ ਦੇ ਵਿਤਕਰਿਆਂ ਅਤੇ ਪਵਿੱਤਰ ਭਾਸ਼ਾਵਾਂ ਜਾਂ ਧਰਮ ਗ੍ਰੰਥਾਂ ਨੂੰ ਰੱਦ ਕਰਨ ਵਾਲੀ ਮੂਲ ਸ਼ਬਦਾਵਲੀ ਵੀ ਹੋਂਦ ਵਿਚ ਆਈ ਹੈ। ਇਸ ਸ਼ਬਦਾਵਲੀ ਰਾਹੀਂ ਅੰਦਰੂਨੀ ਅਨੁਭੂਤੀ ਉੱਤੇ ਬਹੁਤ ਬਲ ਦਿੱਤਾ ਗਿਆ ਹੈ ਕਿਉਂਕਿ ਇਹ ਦਵੈਤਭਾਵਨਾ, ਜਾਤਾਂ ਦੇ ਵਿਤਕਰੇ ਅਤੇ ਪਵਿੱਤਰ ਗ੍ਰੰਥਾਂ ਅਤੇ ਭਾਸ਼ਾਵਾਂ ਦੇ ਪ੍ਰਤੀ ਝੁਕਾਵ ਨੂੰ ਨਸ਼ਟ ਕਰਦੀ ਹੈ। ਸਤਿਗੁਰੂ ਦੇ ਮਹੱਤਵ ਉੱਤੇ, ਸ਼ਬਦ ਦੀ ਸ਼ਕਤੀ ਅਤੇ ਉਸ ਨਾਲ ਸੰਬੰਧਿਤ ‘ਸੁਮਿਰਨ` ਦੇ ਵਿਚਾਰ ਉੱਤੇ ਬਲ ਦਿੱਤਾ ਗਿਆ ਹੈ ਕਿਉਂਕਿ ਸਿਮਰਨ ਵਿਅਕਤੀ ਦੀ ਆਤਮਾ ਨੂੰ ਰਹੱਸਵਾਦੀ ਅਨੁਭੂਤੀ ਵੱਲ ਲੈ ਜਾਂਦਾ ਹੈ ਜਿਸ ਰਾਹੀਂ ਜੀਵ ਰਾਮ ਨਾਮ ਦੀ ਇਕਤਾ ਜਿਸਨੂੰ ਸਹਜ ਦੀ ਰਹੱਸਵਾਦੀ ਅਵਸਥਾ ਕਿਹਾ ਜਾਂਦਾ ਹੈ ਵਿਚ ਲੀਨ ਹੋ ਜਾਂਦਾ ਹੈ। ਸਿੱਧ ਨਾਥਾਂ ਦਾ ਕਬੀਰ ਵਿਚ ਇਕ ਹੋਰ ਪ੍ਰਭਾਵ ਦਾ ਸੰਕੇਤ ਕਬੀਰ ਦੁਆਰਾ ਉਲਟਬਾਂਸੀਆਂ ਦਾ ਪ੍ਰਯੋਗ ਵੀ ਹੈ। ਇਹ ਅਜਿਹੀ ਭਾਸ਼ਾ ਸੀ ਜਿਸ ਵਿਚ ਆਮ ਤੌਰ ਤੇ ਸ਼ਬਦਾਂ ਦੇ ਸਹੀ ਦਿੱਸਦੇ ਅਰਥ ਨੂੰ ਉਲਟਾ ਕੇ ਰਖਿਆ ਜਾਂਦਾ ਸੀ। ਇਹ ਇਸ ਤਰ੍ਹਾਂ ਦੀ ਭਾਸ਼ਾ ਸੀ ਜਿਸ ਵਿਚ ਜਾਣ ਬੁਝ ਕੇ ਅਰਥਾਂ ਨੂੰ ਉਪਰਲੀ ਪਰਤ ਵਿਚ ਲੁਕਾ ਕੇ ਰਖਿਆ ਜਾਂਦਾ ਸੀ।ਇਹ ਭਾਸ਼ਾ ਸਰਹਪਾਦ ਅਤੇ ਕ੍ਰਿਸ਼ਨਪਾਦ ਵਰਗੇ ਸਿੱਧਾਂ ਦੁਆਰਾ ਭਰਪੂਰ ਮਾਤਰਾ ਵਿਚ ਵਰਤੀ ਗਈ ਸੀ। ਇਸ ਸੰਬੰਧ ਵਿਚ ਕਬੀਰ ਦੀ ਭਾਸ਼ਾ ਨਿਸ਼ਚਿਤ ਰੂਪ ਵਿਚ ਮਨੁੱਖੀ ਹੋਣੀ ਦੇ ਰਹੱਸ ਨੂੰ ਵਿਹਾਰਵਾਦੀ ਪਹੁੰਚ ਦੁਆਰਾ ਸਮਝਣ ਸਮਝਾਉਣ ਵਾਲੀ ਹੈ। ਕਬੀਰ ਤੋਂ ਪਹਿਲੇ ਸਿੱਧਾਂ ਅਤੇ ਯੋਗੀਆਂ ਦੀ ਤਰ੍ਹਾਂ ਕਬੀਰ ਮੌਤ ਨੂੰ ਜਿੱਤਣ ਦੀ ਬਜਾਇ ਰਹੱਸ ਦੀ ਤਹਿ ਤੱਕ ਜਾਣ ਦਾ ਇੱਛੁਕ ਪ੍ਰਤੀਤ ਹੁੰਦਾ ਹੈ।

    ਮੂਲ ਰੂਪ ਵਿਚ ਸੰਤ ਏਕੇਸ਼ਵਰਵਾਦੀ ਸਨ। ਪਰੰਤੂ ਜਿਸ ਪਰਮ ਤੱਤ ਨੂੰ ਉਹ ਸੰਬੋਧਿਤ ਸਨ ਅਤੇ ਜਿਸ ਨਾਲ ਉਹ ਇਕਮੁੱਠਤਾ ਚਾਹੁੰਦੇ ਸਨ; ਉਹ ਕਿਸੇ ਵੀ ਰੂਪ ਵਿਚ ਮਾਨਵੀਕਰਨ ਦੀ ਸ਼ਬਦਾਵਲੀ ਰਾਂਹੀਂ ਨਾ ਸਮਝਿਆ ਜਾ ਸਕਣ ਵਾਲਾ ਸੀ। ਉਸ ਦਾ ਪ੍ਰਗਟਾਵਾ ਉਸ ਦੀ ਬਣਾਈ ਹੋਈ ਰਚਨਾ ਵਿਚ ਉਸਦੀ ਸਥਿਤੀ ਰਾਹੀਂ ਹੋਣਾ ਸੀ ਅਤੇ ਖਾਸ ਤੌਰ ਤੇ ਵਿਅਕਤੀ ਦੀ ਅੰਤਰ ਆਤਮਾ ਵਿਚ ਉਸ ਦੇ ਨਿਵਾਸ ਰਾਹੀਂ ਹੀ ਉਸ ਦੀ ਅਨੁਭੂਤੀ ਹੋਣੀ ਹੁੰਦੀ ਹੈ। ਇਥੇ ਹੀ ਉਸ ਦੀ ਆਪਣੀ ਕਿਰਪਾ ਨਾਲ ਉਸਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਹੁੰਦਾ ਹੈ ਅਤੇ ਉਸ ਦਿੱਬਤਾ ਵਿਚ ਲੀਨ ਹੋਣ ਲਈ ਵਿਅਕਤੀ ਨੇ ਨਾਮ ਸਿਮਰਨ ਅਤੇ ਪ੍ਰੇਮ ਰਾਹੀਂ ਉਸ ਦਾ ਉੱਤਰ ਦੇਣਾ ਹੁੰਦਾ ਹੈ। ਗੁਰੂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਜਿਹੜਾ ਕਿ ਮਨੁੱਖੀ ਅਧਿਆਪਕ ਵੀ ਹੋ ਸਕਦਾ ਹੈ ਜਾਂ ਜਿਸ ਨੂੰ ਵਿਅਕਤੀ ਦੇ ਤੌਰ ਤੇ ਨਾ ਮੰਨ ਕੇ ਵਿਅਕਤੀ ਦੇ ਅੰਦਰਲੀ ਪਰਮਾਤਮਾ ਦੀ ਅਵਾਜ਼ ਨੂੰ ਵੀ ਮੰਨਿਆ ਜਾ ਸਕਦਾ ਹੈ। ਸੰਤਾਂ ਨੇ ਬ੍ਰਹਮਚਰਯ ਅਤੇ ਸੰਨਿਆਸ ਆਦਿ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਅਤੇ ਇਸ ਲਈ ਸੂਫ਼ੀਆਂ ਵਾਂਗ ਹੀ ਉਹ ਆਮ ਤੌਰ ਤੇ ਭਿੱਕਸ਼ੂ ਅਤੇ ਸੰਨਿਆਸੀ ਹੋਣ ਦੀ ਬਜਾਇ ਘਰ-ਗ੍ਰਹਿਸਤੀ ਵਾਲੇ ਸਧਾਰਨ ਮਨੁੱਖ ਹੁੰਦੇ ਸਨ। ਇਸ ਲਹਿਰ ਦੀ ਅੰਦਰੂਨੀ ਭਾਵਨਾ ਨਿਸ਼ਚਿਤ ਤੌਰ ਤੇ ਸੰਪਰਦਾਇਕਤਾ ਤੋਂ ਪਰੇ ਸੀ ਹਾਲਾਂ ਕਿ ਕਈ ਸੰਤਾਂ ਦੇ ਨਾਵਾਂ ਤੇ ਸੰਪਰਦਾਵਾਂ ਵੀ ਚਲ ਪਈਆਂ ਜਿਨ੍ਹਾਂ ਵਿਚੋਂ ਕੁਝ ਅੱਜ ਤਕ ਵੀ ਵਿੱਦਮਾਨ ਹਨ।

    ਸੰਤਾਂ ਨੇ ਆਪਣੇ ਸਿਧਾਂਤਾਂ ਅਤੇ ਵਿਸ਼ਵਾਸਾਂ ਨੂੰ ਸੰਸਕ੍ਰਿਤ ਭਾਸ਼ਾ ਵਿਚ ਨਹੀਂ ਪ੍ਰਗਟ ਕੀਤਾ ਸਗੋਂ ਅਜਿਹੀ ਭਾਸ਼ਾ ਵਿਚ ਆਪਣੇ ਸਿਧਾਂਤ ਸਾਮ੍ਹਣੇ ਰਖੇ ਜਿਹੜੀ ਉਹਨਾਂ ਸਧਾਰਨ ਵਿਅਕਤੀਆਂ ਦੇ ਨਾਲ ਨੇੜੇ ਤੋਂ ਜੁੜੀ ਹੋਈ ਸੀ ਜਿਨ੍ਹਾਂ ਨੂੰ ਉਹ ਆਪਣੀਆਂ ਸਿੱਖਿਆਵਾਂ ਦੇ ਰਹੇ ਸਨ। ਅਜਿਹਾ ਵੀ ਲਗਦਾ ਹੈ ਕਿ ਅਜਿਹੀ ਬੋਲੀ ਦਾ ਵੀ ਵਿਕਾਸ ਹੋ ਰਿਹਾ ਸੀ ਜਿਸਨੂੰ ਫਿਰ ਥੋੜ੍ਹੇ ਬਦਲ ਨਾਲ ਸਾਰੇ ਉੱਤਰੀ ਭਾਰਤ ਵਿਚ ਸੰਤ ਜਨ ਵਰਤੋਂ ਵਿਚ ਲਿਆ ਰਹੇ ਸਨ। ਸਧੁੱਕੜੀ ਕਹੀ ਜਾਣ ਵਾਲੀ ਇਸ ਬੋਲੀ ਦੇ ਆਧਾਰ ਵਿਚ ਪੁਰਾਣੀ ਰਾਜਸਥਾਨੀ ਨਾਲ ਰਲੀ ਮਿਲੀ ਹੋਈ ਖੜੀ ਬੋਲੀ, ਬ੍ਰਜ , ਪੰਜਾਬੀ ਅਤੇ ਪੂਰਬੀ ਬੋਲੀ ਸ਼ਾਮਲ ਸਨ। ਪੂਰਬੀ ਬੋਲੀ ਅਜੋਕੇ ਪੂਰਬੀ ਉੱਤਰ ਪ੍ਰਦੇਸ਼ ਵਿਚ ਬੋਲੀ ਜਾਂਦੀ ਹੈ। ਬਹੁਤੇ ਸੰਤ ਆਮ ਤੌਰ ਤੇ ਬਹੁਤ ਘੱਟ ਪੜ੍ਹੇ ਲਿਖੇ ਜਾਂ ਲਗਪਗ ਪੂਰੇ ਤੌਰ ਤੇ ਅਨਪੜ੍ਹ ਸਨ ਇਸ ਲਈ ਉਹਨਾਂ ਦੀਆਂ ਰਚਨਾਵਾਂ ਆਮ ਤੌਰ ਤੇ ਮੌਖਿਕ ਹੀ ਹੁੰਦੀਆਂ ਸਨ ਜਿਨ੍ਹਾਂ ਨੂੰ ਬਾਅਦ ਵਿਚ ਮੌਖਿਕ ਸ੍ਰੋਤਾਂ ਤੋਂ ਸੁਣ ਕੇ ਲਿਖ ਲਿਆ ਜਾਂਦਾ ਸੀ।

    ਆਪਣੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਦ੍ਰਿਸ਼ਟੀਕੋਣ ਤੋਂ ਸੰਤ ਲਹਿਰ ਦੋ ਪ੍ਰਮੁੱਖ ਸਮੂਹਾਂ ਵਿਚ ਚਲਦੀ ਰਹੀ ਸੀ। 14ਵੀਂ ਤੋਂ 18ਵੀਂ ਸਦੀ ਤਕ ਇਕ ਸਮੂਹ ਉੱਤਰੀ ਭਾਰਤ ਵਿਚ ਕੇਂਦਰਿਤ ਸੀ ਅਤੇ ਉਸ ਤੋਂ ਵੀ ਪੁਰਾਣਾ ਸਮੂਹ ਮਹਾਰਾਸ਼ਟਰ ਵਿਚ ਕੇਂਦਰਿਤ ਸੀ।

    ਇਹੋ ਸੰਤ ਪਰੰਪਰਾ ਸੀ ਜਿਸਨੇ ਗੁਰੂ ਨਾਨਕ ਦੇ ਚਿੰਤਨ ਨੂੰ ਆਧਾਰ ਪ੍ਰਦਾਨ ਕੀਤਾ। ਗੁਰੂ ਨੇ ਆਪਣੀ ਵਿਰਾਸਤ ਦੀ ਆਪਣੀ ਸ਼ਖ਼ਸੀਅਤ ਅਤੇ ਅਨੁਭੂਤੀ ਦੇ ਆਧਾਰ ਤੇ ਵਿਆਖਿਆ ਕੀਤੀ। ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਜਦੋਂ ਹਮਲਾਵਰਾਂ ਦੇ ਹਮਲੇ ਬੇਰਹਿਮੀ ਨਾਲ ਲੋਕਾਂ ਨੂੰ ਕੁਚਲ ਰਹੇ ਸਨ ਤਾਂ ਭਾਰਤੀ ਮਨ ਅਤੇ ਸਰੀਰ ਨੇ ਉਹਨਾਂ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਕੇ ਸੰਸਾਰ ਦੀ ਨਾਸ਼ਮਾਨਤਾ ਅਤੇ ਮਿਥਿਆਵਾਦਿਤਾ ਦੇ ਸਿਧਾਂਤ ਨੂੰ ਪ੍ਰਚਾਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਉਹ ਦਿਸਦੀ ਹੋਂਦ ਨੂੰ ਅਣਹੋਂਦ ਮੰਨਣ ਅਤੇ ਇਹ ਵੀ ਮੰਨਣ ਕਿ ਇਸ ਮਿਥਿਆ ਸੰਸਾਰ ਵਿਚ ਉਹਨਾਂ ਨੂੰ ਪੀੜਿਤ ਕੀਤਾ ਜਾ ਰਿਹਾ ਹੈ। ਸਿੱਖ ਧਰਮ ਨੇ ਆਪਣੇ ਆਪ ਨੂੰ ਸਭ ਤੋਂ ਵੱਧ ਸਵੈਮਾਨੀ ਅਤੇ ਨਿਰਭੈਤਾ ਭਰਪੂਰ ਜੀਵਨ ਢੰਗ ਦੇ ਰੂਪ ਵਿਚ ਪੇਸ਼ ਕੀਤਾ ਤਾਂ ਕਿ ਇਹ ਵੇਖਿਆ ਜਾ ਸਕੇ ਕਿ ਅਸਹਾਇਤਾ ਦੇ ਰੋਗ ਦਾ ਸਹੀ ਕਾਰਨ ਕੀ ਹੈ ਅਤੇ ਉਸ ਕਾਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਜਾ ਸਕੇ। ਸਿੱਖ ਕੇਵਲ ਹੱਥ ਤੇ ਹੱਥ ਰੱਖ ਕੇ ਬੈਠਣ ਵਾਲੇ ਲੋਕ ਨਹੀਂ ਸਨ ਅਤੇ ਇਸ ਤਰ੍ਹਾਂ ਸੰਤ ਪਰੰਪਰਾ ਦਾ ਇਕ ਬਹੁਤ ਹੀ ਰਚਨਾਤਮਿਕ ਪੱਖ ਸਿੱਖ ਧਰਮ ਦੀ ਹੋਂਦ ਦੇ ਰੂਪ ਵਿਚ ਸਾਮ੍ਹਣੇ ਪ੍ਰਗਟ ਹੋਇਆ। ਗੁਰੂ ਨਾਨਕ ਦਾ ਚਿੰਤਨ ਸੰਤ ਪਰੰਪਰਾ ਉੱਤੇ ਮੁੜ ਨਜ਼ਰਸਾਨੀ ਸੀ ਜਿਸਨੂੰ ਉਹਨਾਂ ਨੇ ਆਪਣੇ ਹੀ ਢੰਗ ਨਾਲ ਪ੍ਰਾਪਤ ਕੀਤਾ, ਸਪਸ਼ਟ ਕੀਤਾ ਅਤੇ ਉਸਨੂੰ ਇੱਕਮੁਠਤਾ ਪ੍ਰਦਾਨ ਕੀਤੀ।


ਲੇਖਕ : ਡੀ.ਸੀ.ਐਸ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.